ਬੱਚੇ ਕਿਵੇਂ ਸਿੱਖਦੇ ਹਨ?
- Pahulmeet Singh
- May 11, 2021
- 2 min read

ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ, ਅਸੀਂ ਵੱਡੀ ਗਲਤੀ ਕਰ ਰਹੇ ਹੁੰਦੇ ਹਾਂ| ਬੱਚੇ ਆਪਣੇ ਆਪ ਹੀ ਸਿੱਖਦੇ ਹਨ, ਅਸੀਂ ਸਿਰਫ ਉਹਨਾਂ ਨੂੰ ਦਿਸ਼ਾ ਦੇ ਸਕਦੇ ਹਾਂ| ਜਿਸ ਤਰਾਂ, ਘੁਮਿਆਰ ਦੇ ਪਹੀਏ ਉੱਤੇ ਪਈ ਮਿੱਟੀ ਨੇ ਘੁੰਮਣਾ ਹੀ ਹੁੰਦਾ ਹੈ, ਪਰ ਉਸ ਮਿੱਟੀ ਨੂੰ ਆਕਾਰ ਦਿੱਤਾ ਜਾ ਸਕਦਾ ਹੈ| ਇਸੇ ਤਰ੍ਹਾਂ ਦਾ ਇੱਕ ਤਜ਼ੁਰਬਾ ਸਾਡੀ ਇੱਕ ਵਲੰਟੀਅਰ ਕਵਲਜੀਤ ਕੌਰ ਨੇ ਸਾਂਝਾ ਕੀਤਾ ਹੈ| ਆਓ ਪੜ੍ਹੀਏ:
ਅੱਜ ਬਹੁਤ ਹੀ ਸੋਹਣਾ ਦਿਨ ਸੀ। ਨਿੱਕੀਆਂ ਨਿੱਕੀਆਂ ਕਣੀਆਂ ਪੈ ਰਹੀਆਂ ਸਨ। ਮੈਂ ਦਰਵਾਜ਼ੇ ਤੋਂ ਬਾਹਰ ਦੇਖ ਰਹੀ ਸੀ ਤਾਂ ਦੋ ਬੱਚੇ, ਲਗਪਗ 7-8 ਸਾਲ ਦੇ, ਇਕ ਜ਼ਮੀਨ ਉੱਤੇ ਗੱਡੇ ਲੋਹੇ ਦੇ ਡੰਡੇ ਦੇ ਆਲੇ-ਦੁਆਲੇ ਚੱਕਰ ਲਗਾਈ ਜਾ ਰਹੇ ਸਨ। ਫ਼ਿਰ ਉਹ ਖੇਡਦੇ-ਖੇਡਦੇ ਮੇਰੇ ਕਮਰੇ ਦੇ ਕੋਲ ਆ ਗਏ। ਮੈਂ ਉਹਨਾਂ ਨੂੰ ਪੁੱਛਿਆ, "ਬੱਚਿਓ! ਕੀ ਤੁਸੀਂ ਡਰਾਇੰਗ ਕਰਨੀ ਹੈ?"

ਉਹਨਾਂ ਖੁਸ਼ੀ ਜ਼ਾਹਿਰ ਕਰਦੇ ਹੋਏ ਹਾਂ ਕਰ ਦਿੱਤੀ। ਮੈਂ ਦੋ ਖਾਲੀ ਵਰਕੇ ਲੈ ਕੇ ਆਈ ਅਤੇ ਉਸ ਉੱਤੇ ਆਪਣੇ ਕੜੇ ਨਾਲ ਛੇ ਕੁ ਗੋਲੇ ਬਣਾ ਦਿੱਤੇ। ਮੈਂ ਉਹਨਾਂ ਨੂੰ ਪੁਛਿਆ ਕਿ ਗੋਲੇ ਵਰਗੀਆਂ ਜੋ ਵੀ ਚੀਜ਼ਾਂ ਸਾਹਮਣੇ ਦਿਖਦੀਆਂ ਹਨ, ਉਹਨਾਂ ਦੇ ਨਾਮ ਦੱਸੋ। ਉਹਨਾਂ ਮੈਨੂੰ ਗੇਂਦ, ਪੱਥਰ, ਤੇ ਗੱਡੀ ਦੇ ਪਹੀਏ ਜਿਹੀਆਂ ਕੁਝ ਚੀਜ਼ਾਂ ਗਿਣਾ ਦਿੱਤੀਆਂ। ਫ਼ਿਰ ਮੈਂ ਉਹਨਾਂ ਨੂੰ ਆਪਣੇ-ਆਪਣੇ ਵਰਕੇ ਤੇ ਗੋਲ ਚੀਜ਼ਾਂ ਬਨਾਉਣ ਲਈ ਕਿਹਾ। ਉਹਨਾਂ ੧੫ ਕੁ ਮਿੰਟਾਂ ਬਾਅਦ ਮੈਨੂੰ ਆਪਣੇ ਵਰਕੇ ਰੰਗ ਕੇ ਦਿਖਾ ਦਿੱਤੇ। ਬਹੁਤ ਹੀ ਸੋਹਣੀ ਕਲਪਨਾ ਸੀ ਉਹਨਾਂ ਦੀ। ਉਹਨਾਂ ਸੂਰਜ, ਕੌਲੀ, ਚੂੜੀ, ਪਾਇਪ, ਟਾਇਰ, ਬਾਲਟੀ ਤੇ ਕਈ ਹੋਰ ਚੀਜ਼ਾਂ ਬਣਾਈਆਂ ਹੋਈਆਂ ਸੀ।
ਮੈਂ ਉਹਨਾਂ ਨੂੰ ਕਿਹਾ, "ਚਲੋ ਇਕ ਹੋਰ ਖੇਡ ਖੇਡਦੇ ਹਾਂ। ਤੁਸੀਂ ਬਾਹਰੋਂ ਗੋਲ ਆਕਾਰ ਦੀਆਂ ਚੀਜ਼ਾਂ ਲੱਭ ਕੇ ਲਿਆਓ।" ਉਹਨਾਂ ਅੱਧੇ ਘੰਟੇ ਵਿੱਚ ਤਕਰੀਬਨ 30 ਕੋ ਚੀਜ਼ਾਂ ਲੱਭ ਕੇ ਲਿਆਂਦੀਆਂ ਜਿਸ ਵਿੱਚ ਬੋਤਲ ਦੇ ਢੱਕਣ ਤੋਂ ਲੇ ਕੇ ਡਸਟਬਿਨ ਤੱਕ ਸ਼ਾਮਿਲ ਸੀ। ਉਹ ਇਹ ਪ੍ਰਕਿਰਿਆ ਲੱਗਭਗ 1.5 ਘੰਟਾ ਕਰਦੇ ਰਹੇ।
ਉਹਨਾਂ ਖੂਬ ਅਨੰਦ ਮਾਣਿਆ ਤੇ ਨਾਲ ਹੀ ਨਾਲ ਗੋਲ ਆਕਾਰ ਕਿੱਥੇ ਵਰਤਿਆ ਜਾਂਦਾ ਹੈ, ਸਿੱਖ ਲਿਆ। ਕਿੰਨਾ ਸੌਖਾ ਹੁੰਦਾ ਬੱਚੇ ਲਈ ਸਿੱਖਣਾ, ਤੇ ਕਿੰਨਾ ਔਖਾ ਹੁੰਦਾ ਹੈ ਉਸ ਨੂੰ ਸਿੱਖਣ ਦਾ ਮੌਕਾ ਦੇਣਾ।






Comments